ਕਈ ਸਮਾਜਸੇਵੀ ਸੰਸਥਾਵਾਂ ਦੇ ਕਾਰਕੁੰਨਾਂ ਨੇ ਬਣਾਇਆ ‘ਸਮਾਜ ਸੇਵਾ’ ਨੂੰ ਰੁਜਗਾਰ ਦਾ ਧੰਦਾ

38

ਪੇਸ਼ਕਸ਼: ਸਰਵਨ ਸਿੰਘ ਰੰਧਾਵਾ

ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਦੇਸ਼ਾਂ ‘ਚ ਗਏ ਪ੍ਰਵਾਸੀ ਪੰਜਾਬੀਆਂ ਅੰਦਰ ਲੋੜਵੰਦ ਲੋਕਾਂ ਦੀ ਸੇਵਾ ਭਾਵਨਾਂ ਕੁੱਟ-ਕੁੱਟ ਕੇ ਭਰੀ ਹੋਈ ਹੈ। ਪੰਜਾਬ ਵਿਚ ਕਈ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਹਨ, ਜੋ ਪੰਜਾਬੀਆਂ ਅਤੇ ਪ੍ਰਵਾਸੀ ਲੋਕਾਂ ਦੀ ਸਹਾਇਤਾ ਨਾਲ ਕਈ ਸਾਲਾਂ ਤੋਂ ਲੋੜਵੰਦ ਲੋਕਾਂ ਦੀ ਮਦਦ ਕਰਕੇ ਪੁੰਨ ਖੱਟ ਰਹੀਆਂ ਹਨ ਅਤੇ ਸੰਸਥਾਵਾਂ ਵੱਲੋਂ ਬਿਨਾਂ ਕਿਸੇ ਭੇਦ-ਭਾਂਵ ਤੋਂ ਲੋੜਵੰਦ ਲੋਕਾਂ ਦੀ ਪਹਿਲ ਦੇ ਅਧਾਰ ‘ਤੇ ਮਦਦ ਵੀ ਕੀਤੀ ਜਾ ਰਹੀ ਹੈ, ਪਰ ਬਹੁਤੀਆਂ ਸੰਸਥਾਵਾਂ ਦੇ ਕਾਰਕੁੰਨ ਅਖਬਾਰਾਂ ਵਿੱਚ ਖਬਰਾਂ ਅਤੇ ਫੋਟੋਆਂ ਲਗਵਾਉਣ ਤੱਕ ਹੀ ਸੀਮਿਤ ਹਨ। ਪੰਜਾਬ ਵਿੱਚ ਅਜਹੀਆਂ ਕਈ ਸੰਸਥਾਵਾਂ ਸਰਗਰਮ ਹਨ, ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ।

ਫਰਜ਼ੀ ਸੰਸਥਾਵਾਂ ਦੇ ਕਾਰਕੁੰਨ ਅਖਬਾਰਾਂ ਦੀਆਂ ਸੁਰਖੀਆਂ ਤੱਕ ਸੀਮਤ

ਇਹ ਨਹੀ ਕਿ ਪੰਜਾਬ ਸਗੋਂ ਪੂਰੇ ਦੇਸ਼ ਵਿੱਚ ਕਿਤੇ ਵੀ ਲੋੜਵੰਦ ਲੋਕਾਂ ਦੀ ਮਦਦ ਦੀ ਗੱਲ ਹੋਵੇ ਤਾਂ ਇਹ ਸੰਸਥਾਵਾਂ ਪਹਿਲ ਦੇ ਅਧਾਰ ਤੇ ਲੋੜਵੰਦਾਂ ਦੀ ਮਦਦ ਲਈ ਪਹੁੰਚ ਜਾਦੀਆਂ ਹਨ, ਪਰ ਇੱਥੇ ਅਫਸੋਸ ਨਾਲ ਇਹ ਵੀ ਕਹਿਣਾ ਪੈ ਰਿਹਾ ਹੈ ਕਿ ਅੱਜ ਦੇ ਦੋਰ ਵਿੱਚ ਪੰਜਾਬ ਅੰਦਰ ਕਈ ਅਜਿਹੀਆਂ ਨਵੀਆਂ ਸਮਾਜਸੇਵੀ ਸੰਸਥਾਵਾਂ ਹੋਂਦ ਵਿੱਚ ਆ ਗਈਆਂ ਹਨ, ਜੋ ਲੋਕਾਂ ਦੀ ਮਦਦ ਕਰਨ ਦੀ ਬਜਾਏ ਆਪਣੀਆਂ ਹੀ ਤਜੋਰੀਆਂ ਭਰਨ ਵਿੱਚ ਲੱਗੀਆਂ ਹੋਈਆਂ ਹਨ। ਕਈ ਲੋਕਾਂ ਵੱਲੋਂ ਅਜਿਹੀਆਂ ਸੰਸਥਾਵਾਂ ਬਣਾ ਕੇ ਇਨ੍ਹਾਂ ਨੂੰ ਆਪਣੇ ਰੋਜ਼ਗਾਰ ਦਾ ਜਰੀਆਂ ਬਣਾਇਆ ਹੋਇਆ ਹੈ। ਇੰਨ੍ਹਾਂ ਸੰਸਥਾਵਾਂ ਨੂੰ ਬਨਾਉਣ ਵਾਲੇ ਆਪਣੇ ਆਪ ਨੂੰ ਵੱਡੇ ਸਮਾਜਸੇਵੀ ਦੱਸਦੇ ਹਨ। ਅਜਿਹੇ ਲੋਕ ਇਨ੍ਹਾਂ ਸੰਸਥਾਵਾਂ ਦੇ ਨਾਂਮ ਤੇ ਸਿਰਫ ਮੀਡੀਆ ਵਿੱਚ ਆਪਣੀਆਂ ਤਸਵੀਰਾਂ ਅਤੇ ਖਬਰਾਂ ਲਾਉਣ ਤੱਕ ਹੀ ਸੀਮਿਤ ਹਨ। ਭਾਂਵੇ ਕਿ ਇੰਨ੍ਹਾਂ ਸੰਸਥਾਵਾਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਇੰਨ੍ਹਾਂ ਦਾ ਸੱਚ ਸਚਾਈ ਤੋ ਕੋਹਾਂ ਦੂਰ ਹੈ। ਇਹ ਸੰਸਥਾਵਾਂ ਸਮਾਜ ‘ਚ ਲੋਕਾਂ ਦੀ ਵਾਹ-ਵਾਹ ਖੱਟਣ ਲਈ ਹੱਥਾਂ ਵਿੱਚ ਕੁੱਝ ਗਿਣਤੀ ਬੂਟੇ ਫੜ ਕੇ ਜਾਂ ਫਿਰ 400-500 ਰੁਪਏ ਦਾ ਕਿਸੇ ਗਰੀਬ ਨੂੰ ਰਾਸ਼ਨ ਦੇ ਕੇ ਅਗਲੇ ਦਿਨ ਵੱਡੀਆਂ-ਵੱਡੀਆਂ ਖਬਰਾਂ ਲਗਾ ਕੇ ਅਖਬਾਰ ਦੀਆਂ ਸੁਰਖੀਆਂ ਸਿੰਗਾਰ ਬਣਦੇ ਹਨ।

ਜਾਣਕਾਰੀ ਅਨੁਸਾਰ ਇੰਨ੍ਹਾਂ ਸੰਸਥਾਵਾਂ ਦਾ ਧਿਆਨ ਹੋਰ ਸਮਾਜਿਕ ਕੰਮਾਂ ਨੂੰ ਛੱਡ ਕੇ ਸਿਰਫ ਸਰਕਾਰੀ ਥਾਣਿਆਂ ‘ਚ ਤਾਇਨਤ ਅਫਸਰਾਂ ਜਾਂ ਨਵੇਂ ਆਏ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਤੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨਾ ਹੁੰਦਾ ਹੈ। ਭਾਂਵੇ ਗੱਲ ਇਲਾਕੇ ਦੇ ਪ੍ਰਧਾਨ ਜਾਂ ਕਿਸੇ ਹੋਰ ਉੱਚ ਅਧਿਕਾਰੀ ਨੂੰ ਸਨਮਾਨਿਤ ਕਰਨ ਦੀ ਹੋਵੇ, ਇਨ੍ਹਾਂ ਸੰਸਥਾਵਾਂ ਦੇ ਕਾਰਕੁੰਨ ਤਸਵੀਰ ਖਿਚਵਾਉਣ ਲਈ ਤਰਲੋਮੱਛੀ ਹੁੰਦੇ ਰਹਿੰਦੇ ਹਨ ਅਤੇ ਅਖਬਾਰ ਵਿੱਚ ਆਉਣ ਦਾ ਕੋਈ ਮੋਕਾ ਹੱਥੋਂ ਨਹੀ ਜਾਣ ਦਿੰਦੇ। ਇੰਨ੍ਹਾਂ ਕੁੱਝ ਗਿਣਤੀ ਸੰਸਥਾਵਾਂ ਕਰਕੇ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾਂ ਕਰਨ ਵਾਲੀਆਂ ਸੰਸਥਾਵਾਂ ਵੀ ਸਮਾਜ ਵਿਚ ਬਦਨਾਮ ਹੋ ਰਹੀਆਂ ਹਨ। ਜਾਣਕਾਰੀ ਅਨੂਸਾਰ ਪੰਜਾਬ ਵਿੱਚ ਅਜਿਹੀਆਂ ਕਈ ਫਰਜੀ ਅਤੇ ਝੋਲਾਛਾਪ ਸੰਸਥਾਵਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਇੰਨ੍ਹਾਂ ਸੰਸਥਾਵਾਂ ਦੀ ਬਰੀਕੀ ਨਾਲ ਜਾਂਚ ਕਰਨਾ ਸਮੇਂ ਦੀ ਮੁੱਖ ਲੋੜ ਹੈ, ਕਿਉਕਿ ਇਹ ਸੰਸਥਾਵਾਂ ਬੇਸਹਾਰਾ ਦੀ ਮਦਦ ਕਰਨ ਦੇ ਨਾਂ ਹੇਠ ਲੋਕਾਂ ਤੋਂ ਪੈਸੇ ਉਗਰਾਹੀ ਕਰਨ ਦਾ ਕੰਮ ਕਰ ਰਹੀਆਂ ਹਨ।ਜ਼ਿਆਦਾਤਰ ਮਹਾਂ ਨਗਰ ਅੰਮ੍ਰਿਤਸਰ ਵਿਚ ਕਈ ਸਮਾਜਸੇਵੀ ਸੰਸਥਾਵਾਂ ਨੇ ਸਮਾਜ ਸੇਵਾ ਨੂੰ ਇੱਕ ਧੰਦਾ ਬਣਾ ਕੇ ਰੱਖ ਦਿੱਤਾ ਹੈ। ਹੋਂਦ ਵਿਚ ਆਈਆਂ ਕਈ ਨਵੀਆਂ ਸੰਸਥਾਵਾਂ ਦੇ ਪ੍ਰਧਾਨ ਅਤੇ ਚੇਅਰਮੈਨ ਅਜਿਹੀਆਂ ਸੰਸਥਾਵਾਂ ਸਿਰਫ ਆਪਣੇ ਰੋਜ਼ਗਾਰ ਨੂੰ ਬਢਾਵਾਂ ਦੇਣ ਲਈ ਚਲਾ ਰਹੇ ਹਨ। ਅਜਿਹੀਆਂ ਕੁੱਝ ਗਿਣਤੀ ਸੰਸਥਾਵਾਂ ਦੇ ਪ੍ਰਧਾਨ ਸਿਰਫ ੪ ਕੁ ਬੰਦਿਆਂ ਨਾਲ ਹੱਥਾਂ ‘ਚ ਬੂਟੇ ਫੜ ਕੇ ਤੇ ਤਸਵੀਰਾਂ ਖਿਚਾ ਕੇ ਫੋਕੀ ਵਾਹ-ਵਾਹ ਖੱਟ ਰਹੇ ਹਨ। ਇਹ ਲੋਕ ਆਪਣੇ ਨਿੱਜ਼ੀ ਮੁਫਾਦਤਾਂ ਅਤੇ ਪੈਸਿਆਂ ਦੇ ਲਾਲਚ ਨੂੰ ਵੇਖੋ-ਵੇਖੀ ਅਜਿਹੀਆਂ ਸੰਸਥਾਵਾਂ ਬਣਾ ਕੇ ਸਰਕਾਰ ਅਤੇ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇੰਨ੍ਹਾਂ ਝੋਲਾਛਾਪ ਅਤੇ ਫਰਜ਼ੀ ਸੰਸਥਾਵਾਂ ‘ਤੇ ਸਰਕਾਰ ਨੂੰ ਆਪਣਾ ਸ਼ਿਕੰਜਾ ਕੱਸਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੰਨ੍ਹਾਂ ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਜਾਂਚ ਕਰੇ ਅਤੇ ਇੰਨ੍ਹਾਂ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਮਿਲਣ ਵਾਲੇ ਦਾਨ ਤੇ ਵੀ ਬਾਜ ਅੱਖ ਰੱਖੀ ਜਾਵੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਜਾਅਲੀ ਸੰਸਥਾਵਾਂ ਦੇ ਜਰੂਰੀ ਕਾਗਜ਼ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਕਮੀ ਪਾਈ ਗਈ ਤਾਂ ਇੰਨ੍ਹਾਂ ਸੰਸਥਾਵਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਦੀ ਜਾਵੇਗੀ ਅਤੇ ਲੋਕਾਂ ਨੂੰ ਅਜਿਹੀਆਂ ਸੰਸਥਾਵਾਂ ਸਬੰਧੀ ਗੁੰਮਰਾਹ ਹੋਣ ਤੋ ਬਚਾਇਆ ਜਾਵੇਗਾ।
ਚੀਫ ਐਡੀਟਰ
ਸਟਾਰ ਨਿਊਜ਼ ਪੰਜਾਬ।
ਮੋ: 78372-87127

LEAVE A REPLY

Please enter your comment!
Please enter your name here