ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੱਧੂ ਨੇ ਪੂਰੇ ਵਿਸ਼ਵ ‘ਚ ਵੱਸਦੇ ਪੰਜਾਬੀਆਂ ਦਾ ਦਿਲ ਜਿੱਤਿਆਂ

11

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੂਰੇ ਵਿਸ਼ਵ ਵਿੱਚ ਵੱਸਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਪਾਕਿ ਦੀ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਵਾਕਿਆ ਹੀ ਇੱਕ ਬਹੁਤ ਸਲਾਘਾਯੋਗ ਕਦਮ ਹੈ, ਜਿਸ ਦੀ ਪੂਰੇ ਵਿਸ਼ਵ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ।ਸਿੱਖ ਕੋਂਮ ਦੀ ਇਹ ਬੜੀ ਦੇਰ ਦੀ ਮੰਗ ਸੀ, ਜਿਸ ਨੂੰ ਪਾਕਿਸਤਾਨ ਸਰਕਾਰ ਨੇ ਮੰਨ ਸਿੱਖ ਕੋਂਮ ਦੇ ਦਿਲਾਂ ਨੂੰ ਜਿੱਤ ਲਿਆ ਹੈ।

ਜੱਥੇ ਸਮੁੱਚੀ ਸਿੱਖ ਕੋਂਮ ਇਸ ਫੈਂਸਲੇ ਨਾਲ ਬਾਗੋਬਾਗ ਹੈ, ਉੱਥੇ ਗੁ: ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਭਾਰਤ ਦੇ ਕਈ ਲੀਡਰਾਂ ਦੇ ਢਿੱਡੀ ਪੀੜਾਂ ਉੱਠ ਰਹੀਆਂ ਹਨ। ਪੰਜਾਬ ਅੰਦਰ ਵੀ ਕਈ ਅਜਿਹੇ ਲੀਡਰ ਹਨ, ਜਿੰਨ੍ਹਾਂ ਨੂੰ ਇਹ ਫੈਂਸਲਾ ਹਜ਼ਮ ਨਹੀ ਹੋ ਰਿਹਾ ਅਤੇ ਉਹ ਬਿੰਨ੍ਹਾਂ ਵਜਾ ਕਾਵਾਂ ਰੋਲੀ ਪਾ ਕੇ ਰਾਜਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੇ ਹਨ। ਇਸ ਲਾਂਘਾ ਨੂੰ ਖੁਲਵਾਉਣ ਦੀ ਸਭ ਤੋਂ ਪਹਿਲੀ ਸਿਫਤ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਦੂਜੀ ਸਿਫਤ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੱਧੂ ਦੀ ਬਣਦੀ ਹੈ। ਇਸ ਦੀ ਸ਼ੁਰੂਆਤ ਸ. ਸਿੱਧੂ ਨੇ ਕੀਤੀ ਸੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦੀ ਇਸ ਮੰਗ ਨੂੰ ਬੂਰ ਪਿਆ ਹੈ। ਪੰਜਾਬ ਦੇ ਲੀਡਰਾਂ ਨੂੰ ਸਗੋਂ ਇਸ ਇਤਿਹਾਸਕ ਫੈਂਸਲੇ ਦਾ ਸੁਆਗਤ ਕਰਨਾ ਚਾਹੀਦਾ ਸੀ ਅਤੇ ਨੀਂਹ ਪੱਥਰ ਸਮਾਗਮ ਦੋਰਾਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੇ ਹੀ ਗੱਲ ਕਰਨੀ ਚਾਹੀਦੀ ਸੀ, ਪਰ ਇੰਨ੍ਹਾਂ ਲੀਡਰਾਂ ਨੇ ਆਪਣੀ ਹੀ ਕਾਵਾਂ ਰੋਲੀ ਪਾ ਕੇ ਇਸ ਸਮਾਗਮ ਨੂੰ ਸਿਆਸੀ ਰੰਗਤ ਦੇ ਦਿੱਤੀ, ਜੋ ਇਕ ਬਹੁਤ ਹੀ ਮੰਦਭਾਗੀ ਗੱਲ ਹੈ।

ਜੇਕਰ ਇੰਨ੍ਹਾਂ ਲੀਡਰਾਂ ਨੇ ਵਿਰੋਧ ਹੀ ਕਰਨਾ ਹੈ ਤਾਂ ਦੇਸ਼ ਅੰਦਰ ਹਰਿਦੁਆਰਾ ਨੇੜੇ ਮੁਗਲ ਰਾਜ ਸਮੇਂ ਬਣਿਆਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਿਸ ਨੂੰ ਸ਼ਰਾਰਤੀ ਅਨਸਰਾਂ ਨੇ ਲੀਡਰਾਂ ਨਾਲ ਗੰਢਤੁੱਪ ਕਰਕੇ ਸੰਨ ੧੯੮੪ ਵਿਚ ਢਾਹ ਕੇ ਮਲੀਆਂਮੇਟ ਕਰ ਦਿੱਤਾ ਸੀ, ਪਰ ਪੰਜਾਬ ਦੇ ਸਿਆਸੀ ਆਗੂਆਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੇ ਬੋਲਣਾ ਉਚਿਤ ਨਹੀ ਸਮਝਿਆਂ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਜਦੋ ਹਰਿਦੁਆਰਾ ਆਪਣੀ ਉਦਾਸੀ ਦੋਰਾਨ ਗਏ ਸਨ ਤਾਂ ਉਨ੍ਹਾਂ ਗੰਗਾ ਵਿਖੇ ਕਰਤਾਰਪੁਰ ਸਾਹਿਬ ਵੱਲ ਨੂੰ ਮੂੰਹ ਕਰਕੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੇ ਕੋਲ ਖੜੇ ਪੰਡਤ, ਜੋ ਸੂਰਜ ਨੂੰ ਪਾਣੀ ਦੇ ਰਹੇ ਸਨ, ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਇਹ ਕੀ ਕਰ ਰਹੇ ਹੋ ਤਾਂ ਬਾਬੇ ਨਾਨਕ ਨੇ ਕਿਹਾ ਕਿ ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ।

ਇਸ ਤੇ ਪੰਡਤਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਐਨੀ ਦੂਰ ਤੇਰੇ ਖੇਤਾਂ ਨੂੰ ਪਾਣੀ ਕਿੱਦਾ ਜਾ ਸਕਦਾ ਹੈ ਤਾਂ ਬਾਬਾ ਨਾਨਕ ਜੀ ਨੇ ਜੁਆਬ ਦਿੱਤਾ ਕਿ ਜੇ ਮੇਰੇ ੪੦੦ ਮੀਲ ਦੂਰ ਖੇਤਾਂ ਨੂੰ ਪਾਣੀ ਨਹੀ ਜਾ ਸਕਦਾ ਤਾਂ ਤੁਹਾਡੇ ਲੱਖਾਂ ਮੀਲ ਦੂਰ ਸੂਰਜ ਨੁੰ ਪਾਣੀ ਕਿਵੇ ਚਲਾ ਜਾਵੇਗਾ। ਬਾਬੇ ਨਾਨਕ ਦੀ ਇਸ ਗੱਲ ਤੋਂ ਪੰਡਤ ਐਨੇ ਪ੍ਰਭਾਵਿਤ ਹੋਏ ਕਿ ਉਹ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਬਾਅਦ ਵਿੱਚ ਇਸੇ ਸਥਾਨ ‘ਤੇ ਗੁਰਦੁਆਰਾ ਗਿਆਨ ਗੋਦੜੀ ਦਾ ਨਿਰਮਾਣ ਕੀਤਾ ਗਿਆ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਮੇਂ ਦੀ ਹਕੂਮਤ ਨਾਲ ਗੰਢਤੁਪ ਕੇ ਗੁਰਦੁਆਰਾ ਗਿਆਨ ਗੋਦੜੀ ਨੂੰ ਢਾਹ ਦਿੱਤਾ ਗਿਆ। ਗੁ: ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵਿਰੋਧ ਕਰਨ ਵਾਲੇ ਸਿੱਖ ਆਗੂਆਂ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਢਾਹੇ ਜਾਣ ਦਾ ਵਿਰੋਧ ਕਰਨਾ ਚਾਹੀਦਾ ਸੀ, ਪਰ ਪੰਜਾਬ ਦੇ ਲੀਡਰ ਅਤੇ ਸ੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਚੁੱਪੀ ਧਾਰੀ ਬੈਠੇ ਰਹੇ।

ਗੁ: ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਕੁੱਝ ਅਖੌਤੀ ਸਿੱਖ ਲੀਡਰਾਂ ਅਤੇ ਕੁੱਝ ਸਿੱਖ ਵਿਰੋਧੀ ਲੀਡਰਾਂ ਨੂੰ ਛੱਡ ਕੇ ਸਾਰੀ ਸਿੱਖ ਸੰਗਤ ਖੁਸ਼ੀ ‘ਚ ਬਾਗੋ-ਬਾਗ ਦਿਖਾਈ ਦੇ ਰਹੀ ਹੈ। ਇਸ ਲਾਂਘੇ ਦੇ ਖੁੱਲਣ ਨਾਲ ਜਿੱਥੇ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਹੋਰ ਮਜ਼ਬੂਤ ਹੋਣਗੇ, ਉੱਥੇ ਆਪਸੀ ਭਾਂਈਚਾਰਕ ਸਾਂਝ ਹੋਰ ਵੀ ਮਜ਼ਬੂਤ ਹੋਵੇਗੀ।ਅਖੀਰ ਵਿਚ ਪੰਜਾਬ ਦੇ ਸਾਰੇ ਲੀਡਰਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਤਿਹਾਸਕ ਗੁ: ਗਿਆਨ ਗੋਦੜੀ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਇਕ ਜੁੱਟ ਹੋਣ।
ਪੇਸ਼ਕਸ਼: 
ਪੂਰਨ ਸਿੰਘ ਸੰਧੂ ਰਣੀਕੇ
ਸਰਪ੍ਰਸਤ ਪੰਜਾਬ ਨਸ਼ਾ ਵਿਰੋਧੀ ਲਹਿਰ ਅੰਮ੍ਰਿਤਸਰ।
ਮੋ: 98553-76677

LEAVE A REPLY

Please enter your comment!
Please enter your name here