ਕਿਸਾਨਾਂ ਦਾ ਫਗਵਾੜਾ ‘ਚ ਦੂਜੇ ਦਿਨ ਵੀ ਧਰਨਾ ਜਾਰੀ,ਅਕਾਲੀ ਦਲ ਵੀ ਦੇ ਰਿਹਾ ਹੈ ਧਰਨੇ

2

ਫਗਵਾੜਾ: ਫਗਵਾੜਾ ਦੇ ਵਿੱਚ ਪੰਜਾਬ ਸਰਕਾਰ ਦੀਆ ਨੀਤੀਆਂ ਦੇ ਵਿਰੁੱਧ ਹਜ਼ਾਰਾਂ ਗੰਨਾ ਉਤਪਾਦਕ ਕਿਸਾਨਾਂ ਦਾ ਦਿੱਲੀ-ਜਲੰਧਰ ਹਾਈਵੇ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਿਸਾਨ ਅੰਦੋਲਨਕਾਰੀਆਂ ਨੇ ਪੂਰੇ ਰਾਜ ਵਿੱਚ ਬੰਦ ਪਈਆਂ ਸ਼ੁਗਰ ਮਿੱਲਾਂ ਤੇ ਆਪਣਾ ਰੋਸ ਦਿਖਾਂਦੇ ਹੋਏ ਕਿਹਾ ਹੈ ਕਿ ਗੰਨੇ ਦੀ ਫ਼ਸਲ ਦੇ ਸੀਜ਼ਨ ਵਿੱਚ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਬਹੁਤ ਸਾਰੇ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤੇ ਇਸਦੀ ਪੂਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਇਸ ਮਾਮਲੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਤੇ ਅੱਜ ਅਕਾਲੀ ਦਲ ਦੀ ਅਗਵਾਈ ਵਿੱਚ ਇਹ ਰੋਸ ਪ੍ਰਦਰਸ਼ਨ ਹੋਰ ਜੋਰਾਂ ਤੇ ਕੀਤਾ ਜਾਵੇਗਾ।

ਫਗਵਾੜਾ ਦੇ ਇਹ ਸਥਿਤੀ ਉਸ ਸਮੇ ਬੁਰੀ ਹੋ ਗਈ ਜਦੋਂ ਦੇਖਦੇ ਹੀ ਦੇਖਦੇ ਹਜ਼ਾਰਾਂ ਕਿਸਾਨਾਂ ਨੇ ਬੰਦ ਪਾਈ ਸ਼ੁਗਰ ਮਿੱਲ ਦੇ ਬਾਹਰ ਇਕੱਠੇ ਹੋ ਕੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਪ੍ਰਦਰਸ਼ਨ ਦੇ ਦੌਰਾਨ ਸ਼ੁਗਰ ਮਿਲ ਨੂੰ ਜਲਦ ਤੋਂ ਜਲਦ ਖੋਲਣ ਦੀ ਮੰਗ ਕੀਤੀ। ਕਿਸਾਨਾਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਰਾਜ ਦੀਆਂ ਸਾਰੀਆਂ ਮਿੱਲਾਂ ਨੂੰ ਜਲਦ ਤੋਂ ਜਲਦ ਬਕਾਇਆ ਪੈਸੇ ਦੇਵੇ, ਜਿਨ੍ਹਾਂ ਦੇ ਨਾਲ ਉਹ ਆਪਣੀਆਂ ਮਿੱਲਾਂ ਨੂੰ ਦੁਬਾਰਾ ਖੋਲ ਸਕਣ ਤੇ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਮਿੱਲਾਂ ਜਲਦ ਤੋਂ ਜਲਦ ਖੁਲਣਗੀਆਂ ਤਾਂ ਉਨ੍ਹੀ ਹੀ ਜਲਦੀ ਕਿਸਾਨਾਂ ਦੇ ਗੰਨੇ ਦੀ ਵਿਕਰੀ ਵੀ ਸ਼ੁਰੂ ਹੋ ਜਾਵੇਗੀ। ਕਿਸਾਨਾਂ ਦੇ ਇਸ ਧਰਨੇ ਦੇ ਚਲਦੇ ਨੈਸ਼ਨਲ ਹਾਈਵੇ 1 ਤੋਂ ਲੈ ਕੇ ਸੜਕਾਂ ਦੇ ਚਾਰੇ ਪਾਸੇ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਹੋਈ ਹੈ।

ਇਸ ਮਾਮਲੇ ਵਿੱਚ ਸ਼ੂਗਰ ਮਿੱਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਕਿਸਾਨਾਂ ‘ਚ ਭਾਰੀ ਰੋਸ ਹੈ। ਜਿਸਦੇ ਚਲਦੇ ਕਿਸਾਨ ਹੋਰ ਰੋਜ਼ ਕਿੱਥੇ ਨਾ ਕਿੱਥੇ ਧਰਨੇ ਦੇ ਰਹੇ ਹਨ। ਅੱਜ (ਮੰਗਲਵਾਰ) ਵੀ ਗੰਨਾ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਫਗਵਾੜਾ ‘ਚ ਧਰਨਾ ਦਿੱਤਾ ਗਿਆ। ਇਹਨਾਂ ਕਿਸਾਨਾਂ ਨੇ ਫਗਵਾੜਾ ‘ਚ ਵਾਹਿਦ ਸੰਧਾਰ ਸ਼ੂਗਰ ਮਿਲ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ‘ਚ ਪੂਰੇ ਸੂਬੇ ਦੇ ਗੰਨਾ ਕਿਸਾਨ ਪਹੁੰਚੇ ਹਨ ਤੇ ਉਹਨਾਂ ਨੇ ਸਰਕਾਰ ਖਿਲਾਫ ਆਪਣਾ ਵਿਰੋਧ ਜ਼ਾਹਰ ਕਰਕੇ ਨਾਰੇਬਾਜੀ ਕੀਤੀ। ਗੰਨਾ ਕਾਸ਼ਤਕਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਫਗਵਾੜਾ ਪੁਲਸ ਛਾਉਣੀ ‘ਚ ਤਬਦੀਲ ਹੋ ਗਿਆ ਹੈ ਅਤੇ ਫਗਵਾੜਾ ਸ਼ਹਿਰ ‘ਤੇ ਆਉਣ ਵਾਲੀਆਂ ਸੜਕਾਂ ਨੂੰ ਪੁਲਸ ਨੇ ਚਾਰੇ ਪਾਸਿਓ ਬੰਦ ਕੀਤਾ ਹੋਇਆ ਹੈ।

ਕਿਸਾਨਾਂ ਦਾ ਪਹਿਲੇ ਦਿਨ ਕਹਿਣਾ ਸੀ ਕਿ ਜੇਕਰ ਸ਼ਾਮ ਤੱਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹਾਈਵੇਅ ਨੂੰ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਧੱਕਾਸ਼ਾਹੀ ਕਰ ਰਹੀ ਹੈ। ਕਿਸਾਨਾਂ ਦਾ ਪ੍ਰਾਈਵੇਟ ਮਿੱਲਾਂ ਵੱਲੋਂ ਦਿੱਤੇ ਜਾਣ ਵਾਲੇ ਬਕਾਏ ਦਾ ਅਜੇ ਤੱਕ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚੋਂ ਕਿਸਾਨ ਫਗਵਾੜਾ ‘ਚ ਇਕੱਠੇ ਹੋ ਰਹੇ ਪਰ ਉਨ੍ਹਾਂ ਦੀਆਂ ਟਰਾਲੀਆਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਕਿਸਾਨਾਂ ਨੇ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਮਿੱਲ ਦੇ ਬਾਹਰ ਦਿਨ-ਰਾਤ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਰਹਿਣਗੇ ਅਤੇ ਉਨ੍ਹਾਂ ਨਹੀ ਇਹ ਵੀ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਧਰਨੇ ਤੋਂ ਬਾਅਦ ਹਾਈਵੇਅ ਜਾਮ ਕਰਨਗੇ।

LEAVE A REPLY

Please enter your comment!
Please enter your name here