ਮਰੀਜ਼ਾਂ ਦੇ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਦੀ ਹੋਵੇਗੀ- ਸੁਰਜੀਤ ਸਿੰਘ ਕੰਗ

4
ਅੰਮ੍ਰਿਤਸਰ, (ਸੀਮਾ ਸੋਢੀ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਸੁਰਜੀਤ ਸਿੰਘ ਕੰਗ ਅਤੇ ਯੂਥ ਪ੍ਰਧਾਨ ਬਬਲੂ ਵੱਲੋਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਅਤੇ ਉਨ੍ਹਾਂ ਦੇ ਵਿਵਾਦ ਕਾਰਨ ਹੋ ਰਹੀਆਂ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ । ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਇਹ ਕਹਿ ਕੇ ਵਾਪਸ ਭੇਜਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਪਰਚੀ ਤਾਂ ਬਣ ਜਾਵੇਗੀ ਪਰ ਇਲਾਜ ਨਹੀਂ ਹੋ ਪਾਵੇਗਾ । ਮੌਕੇ ਉੱਪਰ ਐਮਰਜੈਂਸੀ ਵਾਰਡ ਵਿੱਚ ਸਿਰਫ਼ ਇੱਕ ਹੀ ਡਾਕਟਰ ਮੌਜੂਦ ਸੀ ਅਤੇ ਬਾਕੀ ਸਾਰੀਆਂ ਵਾਰਡਾਂ ਬਿਲਕੁੱਲ ਖਾਲੀ ਪਈਆਂ ਸਨ , ਜੋ ਡਾਕਟਰ ਮੌਜੂਦ ਸੀ ਉਸ ਵੱਲੋਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਰਸਤਾ ਵਿਖਾਇਆ ਜਾ ਰਿਹਾ ਸੀ ।
ਇਸੇ ਤਰ੍ਹਾਂ ਹੀ ਇੱਕ ਪਰਿਵਾਰ ਆਪਣੇ ਦੋ ਮਹੀਨੇ ਦੇ ਬੱਚੇ ਨੂੰ ਲੈ ਕੇ ਦਸੂਏ ਤੋਂ ਰੈਫਰ ਹੋ ਕੇ ਆਇਆ ਸੀ ਜਿਸਨੂੰ ਮੈਡਮ ਪੁਸ਼ਪਾ ਨਾਮ ਦੇ ਸਟਾਫ ਮੈਂਬਰ ਨੇ ਵਾਪਸ ਭੇਜ ਦਿੱਤਾ ਕਿ ਸਾਡੇ ਪਾਸ ਡਾਕਟਰਾਂ ਦਾ ਕੋਈ ਪ੍ਰਬੰਧ ਨਹੀਂ ਹੈ । ਕੰਗ ਅਤੇ ਬਬਲੂ ਨੇ ਹਸਪਤਾਲ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਮੌਕੇ ਤੇ ਇਨ੍ਹਾਂ ਮਰੀਜ਼ਾਂ ਨੂੰ ਦਾਖਲ ਕਰਵਾਇਆ ਜਿਸ ਤੇ ਮਰੀਜ਼ਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ । ਆਮ ਲੋਕਾਂ ਨਾਲ ਗੱਲਬਾਤ ਦੌਰਾਨ ਇਹ ਵੀ ਪਤਾ ਲੱਗਾ ਕਿ ਪਿਛਲੇ ਦੋ ਦਿਨਾਂ ਤੋਂ ਇਸੇ ਤਰ੍ਹਾਂ ਹੀ ਹਸਪਤਾਲ ਦੇ ਬਾਹਰੋਂ ਐਮਰਜੈਂਸੀ ਵਾਲੇ ਸਾਰੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟੇ ਜਾਣ ਲਈ ਭੇਜਿਆ ਜਾ ਰਿਹਾ ਹੈ ।
ਮੌਜੂਦਾ ਹਸਪਤਾਲ ਪ੍ਰਸ਼ਾਸਨ ਕੋਈ ਵੀ ਨਵਾਂ ਮਰੀਜ਼ ਨਹੀਂ ਲੈ ਰਿਹਾ ਅਤੇ ਜੋ ਮਰੀਜ਼ ਦਾਖ਼ਲ ਸਨ ਉਨ੍ਹਾਂ ਨੂੰ ਵੀ ਇਹ ਕਹਿ ਕੇ ਛੁੱਟੀ ਦਿੱਤੀ ਜਾ ਰਹੀ ਹੈ ਕਿ ਡਾਕਟਰਾਂ ਦੀ ਮੌਜੂਦਗੀ ਹਸਪਤਾਲ ਵਿੱਚ ਨਾ ਹੋਣ ਕਾਰਨ ਤੁਹਾਡਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਸਕਦਾ । ਮੌਕੇ ਤੇ ਡਾਕਟਰਾਂ ਦੇ ਰੂਮ ਬਿਲਕੁਲ ਖਾਲੀ ਸਨ ।  ਕਾਂਗਰਸ ਸਰਕਾਰ ਵੱਲੋਂ ਅਜੇ ਤੱਕ ਰੈਜ਼ੀਡੈਂਟ ਡਾਕਟਰਾਂ ਅਤੇ ਸੀਨੀਅਰ ਡਾਕਟਰਾਂ ਵਿੱਚ ਇਹ ਵਿਵਾਦ ਖ਼ਤਮ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ । ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਕਾਂਗਰਸ ਦੀ ਮੌਜੂਦਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡਾਕਟਰਾਂ ਦੀ ਹੜਤਾਲ ਜਾਂ ਉਨ੍ਹਾਂ ਦੇ ਵਿਵਾਦ ਕਾਰਨ ਮਰੀਜ਼ਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਮੌਜੂਦਾ ਕਾਂਗਰਸ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਕੁਮਾਰ , ਸਰਬਰਿੰਦਰ ਸਿੰਘ , ਹਰਿੰਦਰ ਸਿੰਘ , ਰਾਜਿੰਦਰ ਪਲਾਹ, ਡਾਕਟਰ ਇੰਦਰਪਾਲ ਆਦਿ ਆਗੂ ਹਾਜ਼ਰ ਸਨ ।

LEAVE A REPLY

Please enter your comment!
Please enter your name here