‘ਆਪ’ ਦਾ ਬਿਜਲੀ ਅੰਦੋਲਨ ਉਡਾਵੇਗਾ ਕੈਪਟਨ ਸਰਕਾਰ ਦੀ ਰਾਤਾਂ ਦੀ ਨੀਂਦ- ਸੁਰਜੀਤ ਸਿੰਘ ਕੰਗ

19

ਅੰਮ੍ਰਿਤਸਰ, (ਸੀਮਾ ਸੋਢੀ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਦਲਬੀਰ ਸਿੰਘ ਟੌਂਗ ਹਲਕਾ ਇੰਚਾਰਜ ਬਾਬਾ ਬਕਾਲਾ ਨੇ ਪੰਜਾਬ ਪ੍ਰਧਾਨ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਧੀ ਇੱਕ ਅਹਿਮ ਮੀਟਿੰਗ ਪਿੰਡ ਟੌਗ ਵਿਖੇ ਕੀਤੀ। ਮੀਟਿੰਗ ਦੋਰਾਨ ਗਰੀਬ ਪਰਿਵਾਰਾਂ ਨੂੰ ਆਏ ਹਜ਼ਾਰਾਂ ਰੁਪਏ ਦੇ ਬਿੱਲਾਂ ਦੀ ਸੁਣਵਾਈ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਜੀਤ ਸਿੰਘ ਕੰਗ ਅਤੇ ਟੌਗ ਨੇ ਦੱਸਿਆ ਕੇ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਵਰਗੀਆਂ ਸਰਕਾਰਾਂ ਆਮ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰਾਂ ਤਾਂ ਬਣਾ ਲੈਂਦੀਆਂ ਹਨ, ਪਰ ਬਾਅਦ ਵਿੱਚ ਲੋਕਾਂ ਦੇ ਹੱਕ ਅਤੇ ਵਾਅਦੇ ਪੂਰੇ ਕਰਨ ਦੀ ਬਜਾਏ, ਉਨ੍ਹਾਂ ਦੀ ਕਿਸੇ ਨਾ ਕਿਸੇ ਤਰੀਕੇ ਟੈਕਸ ਰਾਹੀਂ ਜਾਂ ਬਿਜਲੀ ਦਰਾ ਵਧਾ ਕੇ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਘਰੇਲੂ ਵਰਤੋਂ ਦਾ ਸਾਮਾਨ ਮਹਿੰਗਾ ਕਰਕੇ ਆਮ ਲੋਕਾਂ ਦੀ ਲੁੱਟ ਕਰਦੇ ਹਨ।

ਇਨ੍ਹਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਗੰਦੀ ਰਾਜਨੀਤੀ ਕਰਕੇ ਪੂਰੇ ਸੂਬੇ ਨੂੰ ਜਾਤੀਵਾਦ ਅਤੇ ਹੋਰ ਅਨੇਕਾਂ ਅਜਿਹੇ ਧਾਰਮਿਕ ਵਿਵਾਦਾਂ, ਅਨਪੜ੍ਹਤਾ ਅਤੇ ਬਿਮਾਰੀਆਂ ਦੇ ਚੰਗੁਲ ਵਿੱਚ ਬੁਰੀ ਤਰ੍ਹਾਂ ਫਸਾ ਦਿੱਤਾ ਹੈ ਤਾਂ ਕਿ ਆਮ ਲੋਕ ਅਜਿਹੀਆਂ ਭ੍ਰਿਸ਼ਟ ਸਰਕਾਰਾਂ ਵਿਰੁੱਧ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ, ਪਰ ਆਮ ਆਦਮੀ ਪਾਰਟੀ ਸਮੂਹ ਪੰਜਾਬ ਨੂੰ ਇੱਕ ਮੰਚ ਤੇ ਲਿਆਉਣ ਲਈ ਬਿਜਲੀ ਅੰਦੋਲਨ ਕਰ ਰਹੀ ਹੈ। ਪੰਜਾਬ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਮਹਿੰਗੀ ਬਿਜਲੀ ਦੀ ਮਾਰ ਝੱਲਦੇ ਆ ਰਹੇ ਹਨ। ਹੁਣ ਹਾਲਾਤ ਇਹ ਹੋ ਗਏ ਹਨ ਕਿ ਲੋਕਾਂ ਨੂੰ ਇਹ ਲੱਗਣ ਲੱਗਿਆ ਹੈ ਕਿ ਜਿਵੇਂ ਅਸੀਂ ਆਪਣੇ ਹੀ ਘਰ ਵਿੱਚ ਕਿਰਾਏ ਤੇ ਰਹਿੰਦੇ ਹੋਈਏ। ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਬਿਜਲੀ ਮੁੱਲ ਲੈ ਕੇ ਵੀ ਆਮ ਲੋਕਾਂ ਨੂੰ ਇੱਕ ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਕਰ ਰਹੀ ਹੈ, ਪ੍ਰੰਤੂ ਪੰਜਾਬ ਸਰਕਾਰ ਆਪਣੇ ਸੂਬੇ ਵਿਚ ਹੀ ਬਿਜਲੀ ਪੈਦਾ ਕਰਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਮਹਿੰਗੀ ਬਿਜਲੀ ਸਪਲਾਈ ਕਰ ਰਹੀ ਹੈ। ਹੁਣ ਪੰਜਾਬ ਦੇ ਲੋਕ ਏਨੀ ਮਹਿੰਗੀ ਬਿਜਲੀ ਲੈਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਉਹ ਸਰਕਾਰ ਦੁਆਰਾ ਨਿੱਜੀ ਹੱਥਾਂ ਵਿਚ ਦਿੱਤੇ ਗਏ ਅਦਾਰੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਭੇਜੇ ਗਏ ਇੰਨੇ ਵੱਡੇ-ਵੱਡੇ ਬਿੱਲ ਅਦਾ ਨਹੀਂ ਕਰ ਸਕਦੇ।

ਪੰਜਾਬ ਵਿੱਚ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਵਿਚ ਜਗ੍ਹਾ ਦਿੱਤੀ ਹੈ, ਇਸ ਲਈ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਪੂਰੇ ਪੰਜਾਬ ਸੂਬੇ ਵਿੱਚ ਬਿਜਲੀ ਅੰਦੋਲਨ ਦੀ ਇੱਕ ਵੱਡੀ ਲਹਿਰ ਬਣਾ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕੇ ਸਰਕਾਰਾਂ ਨੇ ਸਰਕਾਰੀ ਅਦਾਰੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇ ਕੇ ਆਮ ਲੋਕਾਂ ਦੇ ਹਿੱਤਾਂ ਨੂੰ ਤਾਰ-ਤਾਰ ਕੀਤਾ ਹੈ। ਜੇਕਰ ਅਜੇ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੂਬੇਦਾਰ ਹਰਜੀਤ ਸਿੰਘ, ਜਥੇਦਾਰ ਰੇਸ਼ਮ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਛੱਜਲਵਡੀ, ਸੁਰਿੰਦਰ ਸਿੰਘ ਸੰਧੂ ਬਾਬਾ ਬਕਾਲਾ, ਸਰਵਰਿੰਦਰ ਸੁਧਾਰ, ਸੁਖਵਿੰਦਰ ਸਿੰਘ ਬੰਟੀ, ਮੰਗਲ ਸਿੰਘ, ਰੇਸ਼ਮ ਸਿੰਘ ਟੌਂਗ, ਬਿੱਟੂ ਭਾਜੀ, ਹਰਜਿੰਦਰ ਸਿੰਘ, ਕੰਵਲਜੀਤ ਸਿੰਘ, ਸੁੱਖਚੈਨ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ, ਨਿਰਮਲ ਸਿੰਘ ਸਰਲੀ, ਲਾਭ ਸਿੰਘ, ਲਵਪ੍ਰੀਤ ਸਿੰਘ ਟੌਂਗ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here