ਉਲਝਣ ਹੋਵੇਗੀ ਜਿਆਦਾ ਅਤੇ ਲੱਗਣਗੇ ਹਾਸਿਆਂ ਦੇ ਠਹਾਕੇ ਇਸ ਸਾਲ ਦੀ ਸਭ ਤੋਂ ਵੱਡੀ ਕਾਮੇਡੀ ਫਿਲਮ ‘ਬੈਂਡ ਵਾਜੇ’ ਦੇ ਨਾਲ

7

ਅੰਮ੍ਰਿਤਸਰ, (ਸੁਖਬੀਰ ਸਿੰਘ)- ਸ਼ਾਹ ਐਨ ਸ਼ਾਹ ਅਤੇ ਏ ਐਂਡ ਏ ਅਡਵਾਇਜ਼ਰਸ ਦੁਆਰਾ ਰਾਇਜ਼ਿੰਗ ਸਟਾਰ ਏੰਟਰਟੇਨਮੇੰਟ ਇੰਕ ਦੇ ਨਾਲ ਮਿਲਕੇ ਨਿਰਮਿਤ ਪੰਜਾਬੀ ਕਾਮੇਡੀ ਫਿਲਮ ‘ਬੈਂਡ ਵਾਜੇ’ 15 ਮਾਰਚ 2019 ਨੂੰ ਰਿਲੀਜ਼ ਹੋਵੇਗੀ।

ਇਸ ਫਿਲਮ ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਉਹਨਾਂ ਦੇ ਨਾਲ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ ਅਤੇ ਨਿਰਮਲ ਰਿਸ਼ੀ ਵੀ ਖਾਸ ਕਿਰਦਾਰ ਨਿਭਾਉਣਗੇ। ‘ਬੈਂਡ ਵਾਜੇ’ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਇਸ ਪ੍ਰੋਜੈਕਟ ਦੇ ਨਿਰਮਾਤਾ ਹਨ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੁਲ ਭੱਲਾ ਅਤੇ ਅਮਿਤ ਭੱਲਾ। ਇਸ ਫਿਲਮ ਦੀ ਕਹਾਣੀ ਵੈਭਵ ਅਤੇ ਸ਼੍ਰੇਆ ਨੇ ਲਿਖੀ ਹੈ।

ਫਿਲਮ ਦੀ ਕਹਾਣੀ ਇੱਕ ਭਾਰਤੀ ਮੁੰਡੇ ਤੇ ਅਧਾਰਿਤ ਹੈ ਜਿਸਨੂੰ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਇਸ ਬਾਰਡਰ ਦੇ ਆਰ ਪਾਰ ਦੀ ਸਥਿਤੀ ਨੂੰ ਬੇਹੱਦ ਹਾਸਪੂਰਨ ਅੰਦਾਜ਼ ਨਾਲ ਨਜਿੱਠਦਾ ਹੈ।

ਇਸ ਮੌਕੇ ਤੇ ਫਿਲਮ ਦੇ ਮੁੱਖ ਅਦਾਕਾਰ ਬਿੰਨੂ ਢਿੱਲੋਂ ਨੇ ਕਿਹਾ, “ਬੈਂਡ ਵਾਜੇ ਇੱਕ ਭਰਪੂਰ ਕਾਮੇਡੀ ਫਿਲਮ ਹੈ। ਪਰ ਸਾਰੇ ਹੀ ਠਹਾਕੇ ਸਥਿਤੀ ਦੇ ਮੁਤਾਬਿਕ ਹੀ ਹਨ। ਸਿਰਫ ਮਜ਼ਾਕ ਬਣਾਉਣ ਲਈ ਹੀ ਚੁਟਕੁਲੇ ਨਹੀਂ ਰੱਖੇ ਗਏ ਹਨ। ਫਿਲਮ ਦੀ ਕਹਾਣੀ ਬਹੁਤ ਹੀ ਮਾਕੂਲ ਹੈ ਜਿਸਨੂੰ ਦਰਸ਼ਕ ਜਰੂਰ ਪਸੰਦ ਕਰਨਗੇ।”

ਫਿਲਮ ਦੀ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ, “ਲੋਕਾਂ ਨੂੰ ਹਸਾਉਣਾ ਸਭ ਤੋਂ ਮੁਸ਼ਕਿਲ ਕੰਮ ਹੈ। ਇਹ ਪਹਿਲੀ ਵਾਰ ਹੈ ਕਿ ਮੈਂ ਕਾਮੇਡੀ ਫਿਲਮ ਚ ਕੰਮ ਕਰ ਰਹੀ ਹੈ। ਮੈਂਨੂੰ ਉਮੀਦ ਹੈ ਕਿ ਲੋਕ ਮੈਂਨੂੰ ਉਸੇ ਤਰਾਂ ਹੀ ਅਪਣਾਉਣਗੇ ਜਿਵੇਂ ਮੇਰੇ ਪਹਿਲੇ ਕੰਮਾਂ ਨੂੰ ਅਪਣਾਇਆ ਹੈ।”

ਇਸ ਕਸ਼ਤੀ ਦੇ ਕਪਤਾਨ, ਨਿਰਦੇਸ਼ਕ ਸਮੀਪ ਕੰਗ ਨੇ ਕਿਹਾ, “ਫ਼ਿਲਮਾਂ ਬਣਾਉਣਾ ਮੇਰਾ ਜੁਨੂਨ ਹੈ ਅਤੇ ਉਸ ਚ ਕਾਮੇਡੀ ਮਿਲਾਉਣਾ ਮੇਰਾ ਸ਼ੌਂਕ। ਅੱਜ ਕੱਲ ਲੋਕ ਆਪਣੀ ਵਿਅਸਤ ਜ਼ਿੰਦਗੀ ਦੇ ਕਾਰਨ ਬਹੁਤ ਹੀ ਤਨਾਵ ਚ ਰਹਿੰਦੇ ਹਨ। ਜੇ ਮੈਂ ਕੁਝ ਦੇਰ ਲਈ ਉਹਨਾਂ ਉਲਝਣਾਂ ਨੂੰ ਭੁਲਾ ਕੇ ਉਹਨਾਂ ਨੂੰ ਖੁਸ਼ ਹੋਣ ਦਾ ਮੌਕਾ ਦੇ ਸਕਾਂ ਤਾਂ ਮੈਂਨੂੰ ਲੱਗੇਗਾ ਕਿ ਮੇਰਾ ਕੰਮ ਸਫਲ ਹੋ ਗਿਆ ਹੈ। ਬੈਂਡ ਵਾਜੇ ਅਜਿਹੀ ਹੀ ਇੱਕ ਫਿਲਮ ਹੈ ਜਿਸਨੂੰ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਦੇਖ ਸਕਦੇ ਹਨ ਅਤੇ ਆਨੰਦ ਮਾਣ ਸਕਦੇ ਹਨ।”

“ਮਨੋਰੰਜਨ ਜਗਤ ਇਸ ਵਕ਼ਤ ਸਭ ਤੋਂ ਵੱਡਾ ਵਪਾਰ ਹੈ। ਪਰ ਸਾਡਾ ਮਕਸਦ ਸਿਰਫ ਪੈਸੇ ਕਮਾਉਣਾ ਨਹੀਂ ਹੈ।  ਅਸੀਂ ਹਮੇਸ਼ਾ ਹੀ ਕੁਆਲਟੀ ਨੂੰ ਤਰਜੀਹ ਦਿੰਦੇ ਹਾਂ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਕਾਮੇਡੀ ਫ਼ਿਲਮਾਂ ਚ ਵਿਸ਼ਾ ਨਹੀਂ ਹੁੰਦਾ।  ਪਰ ਸਾਨੂੰ ਯਕੀਨ ਹੈ ਕਿ ਬੈਂਡ ਵਾਜੇ ਦੇਖ ਕੇ ਲੋਕਾਂ ਦੀ ਇਹ ਧਾਰਨਾ ਜਰੂਰ ਬਦਲੇਗੀ ਅਤੇ ਪੰਜਾਬੀ ਸਿਨੇਮਾ ਚ ਇੱਕ ਨਵੈਂ ਯੁਗ ਦਾ ਆਰੰਬ ਹੋਵੇਗਾ”,ਫਿਲਮ ਦੇ ਪ੍ਰੋਡਿਊਸਰਾਂ ਨੇ ਕਿਹਾ। ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਬੈਂਡ ਵਾਜੇ 15 ਮਾਰਚ ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਵੇਗੀ।

LEAVE A REPLY

Please enter your comment!
Please enter your name here